ਡਾਇਬੇਟਿਕ ਰੈਟਿਨੋਪੈਥੀ ਦੀ ਨੇੜਲੀ ਨਿਗਰਾਨੀ ਅਤੇ ਇਲਾਜ
ਅੱਪਡੇਟ ਕੀਤਾ 27 ਜੁਲਾਈ 2022
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।
1. ਸੰਖੇਪ ਜਾਣਕਾਰੀ
ਇਹ ਜਾਣਕਾਰੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਦੇ ਬਾਅਦ ਭੇਜਿਆ ਗਿਆ ਹੈ ਕਿਉਂਕਿ ਉਹਨਾਂ ਨੂੰ ਇਸਦੀ ਲੋੜ ਹੈ:
- ਚੌਕਸੀ ਕਲੀਨਿਕ ਵਿੱਚ ਨੇੜਤਾ ਨਾਲ ਨਿਗਰਾਨੀ
- ਅਗਲੇਰੀ ਜਾਂਚ-ਪੜਤਾਲ ਜਾਂ ਇਲਾਜ ਲਈ ਰੈਫਰਲ
ਡਾਇਬੇਟਿਕ ਰੈਟਿਨੋਪੈਥੀ ਸਮੇਂ ਦੇ ਨਾਲ ਵੱਧਦੀ ਹੈ। ਜੇ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਕਿ ਇਹ ਕਿਵੇਂ ਵੱਧ ਸਕਦੀ ਹੈ:
- NHS.UK ‘ਤੇ ਜਾਓ
- ਵੱਖਰਾ ਪਰਚਾ ਦੇਖੋ ਡਾਇਬੇਟਿਕ ਰੈਟਿਨੋਪੈਥੀ ਬਾਰੇ ਤੁਹਾਡੀ ਗਾਈਡ
ਤੁਸੀਂ ਸ਼ਾਇਦ ਇਸ ਜਾਣਕਾਰੀ ਬਾਰੇ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਚਰਚਾ ਕਰਨੀ ਚਾਹੋ।
2. ਚੌਕਸੀ ਕਲੀਨਿਕ ਵਿੱਚ ਨੇੜਤਾ ਨਾਲ ਨਿਗਰਾਨੀ

ਇੱਕ ਰੈਟੀਨਾ ਦੀ ਇੱਕ ਡਿਜੀਟਲ ਫੋਟੋਗ੍ਰਾਫ ਜਿਸ ਵਿੱਚ ਡਾਇਬੇਟਿਕ ਰੈਟਿਨੋਪੈਥੀ ਤੋਂ ਨੁਕਸਾਨ ਦੇ ਚਿੰਨ੍ਹ ਦਿਖਾਏ ਗਏ ਹਨ
ਸਾਨੂੰ ਇੱਕ ਚੌਕਸੀ ਕਲੀਨਿਕ ਵਿੱਚ ਤੁਹਾਡੀਆਂ ਅੱਖਾਂ ਦੀ ਵਧੇਰੇ ਨੇੜਤਾ ਨਾਲ ਨਿਗਰਾਨੀ ਕਰਨ ਦੀ ਲੋੜ ਹੈ ਜੇ:
- ਚਿੰਨ੍ਹ ਦਿਖਾਉਂਦੇ ਹਨ ਕਿ ਤੁਹਾਡੀ ਡਾਇਬੇਟਿਕ ਰੈਟਿਨੋਪੈਥੀ ਵੱਧ ਗਈ ਹੈ ਪਰ ਅਜੇ ਇਸਦੇ ਲਈ ਇਲਾਜ ਦੀ ਲੋੜ ਨਹੀਂ ਹੈ (ਪ੍ਰੀ-ਪ੍ਰੋਲਿਫੇਰੇਟਿਵ ਰੈਟਿਨੋਪੈਥੀ)
- ਪਹਿਲਾਂ ਨਜ਼ਰ ਦੇ ਜੋਖਮ ਵਾਲੀ ਰੈਟਿਨੋਪੈਥੀ ਲਈ ਸਫਲ ਇਲਾਜ ਕਰਵਾਇਆ ਸੀ
- ਡਾਇਬੇਟਿਕ ਮੈਕਿਊਲੋਪੈਥੀ ਹੈ ਜਿਸਦੇ ਲਈ ਅਜੇ ਇਲਾਜ ਦੀ ਲੋੜ ਨਹੀਂ ਹੈ
- ਗਰਭਵਤੀ ਹੋ – ਕਿਉਂਕਿ ਗਰਭ-ਅਵਸਥਾ ਡਾਇਬੇਟਿਕ ਰੈਟਿਨੋਪੈਥੀ ਦੇ ਤੇਜ਼ੀ ਨਾਲ ਵਧਣ ਦੇ ਜੋਖਮ ਨੂੰ ਵਧਾ ਦਿੰਦੀ ਹੈ
ਤੁਹਾਡੀਆਂ ਅੱਖਾਂ ਵਿੱਚ ਤਬਦੀਲੀ ਦੀ ਕਿਸਮ ਅਤੇ ਵਾਧੇ ‘ਤੇ ਨਿਰਭਰ ਕਰਦੇ ਹੋਏ ਹਰ 3, 6, 9 ਹਾਂ 12 ਮਹੀਨਿਆਂ ‘ਤੇ ਇੱਕ ਚੌਕਸੀ ਕਲੀਨਿਕ ਵਿੱਚ ਨੇੜਤਾ ਨਾਲ ਨਿਗਰਾਨੀ ਪੇਸ਼ ਕੀਤੀ ਜਾ ਸਕਦੀ ਹੈ।
ਜੇ ਤੁਹਾਡੀਆਂ ਅੱਖਾਂ ਦੇ ਚਿੱਤਰ ਸੁਧਾਰ ਦੇ ਚਿੰਨ੍ਹ ਦਿਖਾਉਂਦੇ ਹਨ, ਤਾਂ ਤੁਸੀਂ ਰੁਟੀਨ ਸਲਾਨਾ ਸਕ੍ਰੀਨਿੰਗ ‘ਤੇ ਵਾਪਸ ਆ ਸਕਦੇ ਹੋ।
ਜੇ ਤੁਹਾਡੇ ਰੈਟੀਨਾ ਦੇ ਚਿੱਤਰ ਗੰਭੀਰ ਤਬਦੀਲੀਆਂ ਦੇ ਚਿੰਨ੍ਹਾਂ ਦੀ ਪੁਸ਼ਟੀ ਕਰਦੇ ਹਨ, ਤਾਂ ਤੁਹਾਨੂੰ ਹੋਰ ਜਾਂਚ-ਪੜਤਾਲ ਜਾਂ ਇਲਾਜ ਵਾਸਤੇ ਹਸਪਤਾਲ ਵਿੱਚ ਅੱਖਾਂ ਦੀਆਂ ਸੇਵਾਵਾਂ ਦੀ ਕਲੀਨਿਕ ਵਿੱਚ ਭੇਜਿਆ ਜਾ ਸਕਦਾ ਹੈ।
3. ਹਵਾਲਾ ਅਤੇ ਇਲਾਜ
ਜੇ ਤੁਹਾਡੀ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦਾ ਸਕ੍ਰੀਨਿੰਗ ਟੈਸਟ ਨਜ਼ਰ ਨੂੰ ਖਤਰੇ ਵਾਲੀ ਡਾਇਬੇਟਿਕ ਰੈਟਿਨੋਪੈਥੀ ਦਿਖਾਉਂਦਾ ਹੈ ਤਾਂ ਸਾਨੂੰ ਹੋਰ ਟੈਸਟਾਂ ਅਤੇ ਸੰਭਾਵੀ ਇਲਾਜ ਵਾਸਤੇ ਤੁਹਾਨੂੰ ਹਸਪਤਾਲ ਦੀਆਂ ਅੱਖ ਦੀਆਂ ਸੇਵਾਵਾਂ ਦੀ ਕਲੀਨਿਕ ਵਿੱਚ ਭੇਜਣ ਦੀ ਲੋੜ ਹੁੰਦੀ ਹੈ।
ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਨਜ਼ਰ ਦੇ ਸਬੰਧ ਵਿੱਚ ਲੰਮੀ ਮਿਆਦ ਦੀਆਂ ਸਮੱਸਿਆਵਾਂ ਦਾ ਜੋਖਮ ਹੋ ਸਕਦਾ ਹੈ ਕਿਉਂਕਿ ਤੁਹਾਡੀ ਡਾਇਬਿਟੀਜ਼ ਤੁਹਾਡੀ ਰੈਟੀਨਾ ਵਿੱਚ ਖੂਨ ਦੀਆਂ ਛੋਟੀਆਂ ਨਾੜੀਆਂ ‘ਤੇ ਅਸਰ ਕਰ ਰਹੀ ਹੈ।
ਇੱਕ ਅੱਖਾਂ ਦਾ ਮਾਹਰ, ਜਿਸ ਨੂੰ ਓਪਥੈਲਮੋਲੋਜਿਸਟ ਕਹਿੰਦੇ ਹਨ, ਤੁਹਾਡੀਆਂ ਅੱਖਾਂ ਦਾ ਮੁਆਇਨਾ ਕਰੇਗਾ। ਉਹ ਬਿਮਾਰੀ ਦਾ ਨਿਦਾਨ ਅਤੇ ਕਿਸੇ ਵੀ ਸੰਭਾਵੀ ਇਲਾਜਾਂ ਦੀ ਵਿਆਖਿਆ ਕਰਨਗੇ ਜਿਹੜੇ ਤੁਹਾਡੀ ਮਦਦ ਕਰ ਸਕਦੇ ਹੋਣ।
ਵਾਪਸ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੇ ਸਕ੍ਰੀਨਿੰਗ ਪ੍ਰੋਗਰਾਮ ਵਿੱਚ ਡਿਸਚਾਰਜ ਕੀਤੇ ਜਾਣ ਤਕ ਤੁਸੀਂ ਹਸਪਤਾਲ ਦੀ ਦੇਖਭਾਲ ਦੇ ਤਹਿਤ ਰਹੋਗੇ।
4. ਸੰਭਾਵੀ ਇਲਾਜ
4.1 ਲੇਜ਼ਰ ਨਾਲ ਇਲਾਜ (ਫੋਟੋਕੋਐਗੁਲੇਸ਼ਨ):
ਲੇਜ਼ਰ ਨਾਲ ਇਲਾਜ:
- ਇਹ ਪ੍ਰੋਲਿਫੇਰੇਟਿਵ ਡਾਇਬੇਟਿਕ ਰੈਟਿਨੋਪੈਥੀ ਲਈ ਸਭ ਤੋਂ ਆਮ ਇਲਾਜ ਹੈ ਅਤੇ ਜਦੋਂ ਸਮੱਸਿਆ ਦਾ ਪਤਾ ਸ਼ੁਰੂ ਵਿੱਚ ਲੱਗ ਜਾਂਦਾ ਹੈ ਤਾਂ ਸਭ ਤੋਂ ਪ੍ਰਭਾਵੀ ਹੁੰਦਾ ਹੈ
- ਡਾਇਬਿਟੀਜ਼ ਦੇ ਕਾਰਨ ਤੁਹਾਡੀਆਂ ਅੱਖਾਂ ਵਿੱਚ ਆਈਆਂ ਤਬਦੀਲੀਆਂ ਨੂੰ ਸਥਿਰ ਕਰਨ ਅਤੇ ਨਜ਼ਰ ਨੂੰ ਹੋਰ ਨੁਕਸਾਨ ਰੋਕਣ ਦੀ ਕੋਸ਼ਿਸ਼ ਕਰਦਾ ਹੈ
- ਤਬਦੀਲੀਆਂ ਨੂੰ ਨਿਯੰਤ੍ਰਿਤ ਕਰਨ ਤੋਂ ਪਹਿਲਾਂ ਇਸ ਵਿੱਚ ਲੇਜ਼ਰ ਕਲੀਨਿਕ ਦਾ ਇੱਕ ਤੋਂ ਵੱਧ ਦੌਰਾ ਸ਼ਾਮਲ ਹੋ ਸਕਦਾ ਹੈ
- ਇਸ ਵਿੱਚ ਛੋਟੀਆਂ-ਛੋਟੀਆਂ ਥਾਂਵਾਂ ‘ਤੇ ਬਹੁਤ ਤੀਬਰ ਲਾਈਟ ਨੂੰ ਰੈਟੀਨਾ ‘ਤੇ ਕੇਂਦ੍ਰਿਤ ਕਰਨਾ ਸ਼ਾਮਲ ਹੋ ਸਕਦਾ ਹੈ
- ਉਹਨਾਂ ਲੋਕਾਂ ਵਿੱਚ ਨਜ਼ਰ ਦੇ ਗੰਭੀਰ ਨੁਕਸਾਨ ਨੂੰ ਕਾਫੀ ਹੱਦ ਤਕ ਘਟਾ ਸਕਦੀ ਹੈ ਜਿਨ੍ਹਾਂ ਨੂੰ ਪ੍ਰੋਲਿਫੇਰੇਟਿਵ ਡਾਇਬੇਟਿਕ ਰੈਟਿਨੋਪੈਥੀ ਜਾਂ ਮੈਕਿਊਲੋਪੈਥੀ ਹੈ
4.2 VEG F ਇਨ੍ਹੀਬੀਟਰਸ
ਵੈਸਕੁਲਰ ਐਂਡੋਥੇਲਿਅਲ ਗ੍ਰੋਥ ਫੈਕਟਰ (VEG F) ਇਨ੍ਹੀਬੀਟਰ ਦਵਾਈਆਂ ਦੇ ਟੀਕੇ ਡਾਇਬਿਟੀਜ਼ ਸਬੰਧੀ ਮੈਕਿਊਲਰ ਓਡੀਮਾ ਦਾ ਪਤਾ ਲੱਗੇ ਕੁਝ ਮਰੀਜ਼ਾਂ ਵਿੱਚ ਨਜ਼ਰ ਚਲੇ ਜਾਣ ਦੇ ਜੋਖਮ ਨੂੰ ਘਟਾ ਸਕਦੇ ਹਨ ਇਹ ਸਮੱਸਿਆ ਉਸ ਵੇਲੇ ਹੁੰਦੀ ਹੈ ਜਦੋਂ ਡਾਇਬਿਟੀਜ਼ ਦੇ ਕਾਰਨ ਮੈਕਿਊਲਾ ਦੇ ਹੇਠਾਂ ਤਰਲ ਜਮ੍ਹਾਂ ਹੋ ਜਾਂਦਾ ਹੈ – ਇਹ ਰੈਟੀਨਾ ਦਾ ਕੇਂਦਰੀ ਭਾਗ ਹੈ ਜਿਸ ਨੂੰ ਤੁਸੀਂ ਚੀਜ਼ਾਂ ਨੂੰ ਸਪੱਸ਼ਟ ਰੂਪ ਵਿੱਚ ਦੇਖਣ ਲਈ ਵਰਤਦੇ ਹੋ।
VEG F ਇਨ੍ਹੀਬੀਟਰ ਮੈਕਿਊਲਰ ਓਡੀਮਾ ਵਿੱਚ ਤਰਲ ਜਮ੍ਹਾਂ ਹੋਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
5. ਨਿਗਰਾਨੀ ਜਾਂ ਹਸਪਤਾਲ ਦੀ ਮੁਲਾਕਾਤ ਲਈ ਤਿਆਰੀ ਕਰਨੀ
ਤੁਹਾਨੂੰ ਚਾਹੀਦਾ ਹੈ ਕਿ ਤੁਸੀਂ:
- ਆਪਣੀਆਂ ਵਰਤਮਾਨ ਐਨਕਾਂ (ਨਜ਼ਰ ਦੀਆਂ) ਆਪਣੇ ਨਾਲ ਲਿਆਓ
- ਉਹਨਾਂ ਕਿਸੇ ਵੀ ਦਵਾਈਆਂ ਦੀ ਸੂਚੀ ਲਿਆਓ ਜੋ ਤੁਸੀਂ ਲੈ ਰਹੇ ਹੋ
- ਆਪਣੀ ਅਪਾਇੰਟਮੈਂਟ ਦੇ ਬਾਅਦ 4 ਤੋਂ 6 ਘੰਟਿਆਂ ਲਈ ਡ੍ਰਾਈਵ ਨਾ ਕਰੋ ਕਿਉਂਕਿ ਹੋ ਸਕਦਾ ਹੈ ਤੁਹਾਨੂੰ ਅੱਖਾਂ ਦੀਆਂ ਬੂੰਦਾਂ (ਦਵਾਈ) ਦਿੱਤੀਆਂ ਜਾਣ ਜੋ ਨਜ਼ਰ ਨੂੰ ਧੁੰਦਲਾ ਕਰ ਦਿੰਦੀਆਂ ਹਨ
- ਘਰ ਜਾਣ ਵੇਲੇ ਪਹਿਨਣ ਲਈ ਆਪਣੇ ਨਾਲ ਧੁੱਪ ਦੀਆਂ ਐਨਕਾਂ ਲਿਆਓ, ਕਿਉਂਕਿ ਤੁਹਾਡੀ ਅਪਾਇੰਟਮੈਂਟ ਤੋਂ ਬਾਅਦ ਤੁਹਾਡੀਆਂ ਅੱਖਾਂ ਤੇਜ਼ ਰੋਸ਼ਨੀ ਦੇ ਪ੍ਰਤੀ ਸੰਵੇਦਨਸ਼ੀਲ ਹੋ ਸਕਦੀਆਂ ਹਨ
6. ਤੁਸੀਂ ਕਿਵੇਂ ਮਦਦ ਕਰ ਸਕਦੇ ਹੋ
ਤੁਹਾਨੂੰ ਚਾਹੀਦਾ ਹੈ ਕਿ ਤੁਸੀਂ:
- ਆਪਣੀਆਂ ਅਪਾਇੰਟਮੈਂਟਾਂ ‘ਤੇ ਆਉਣਾ ਜਾਰੀ ਰੱਖੋ
- ਆਪਣੀ ਬਲੱਡ ਸ਼ੂਗਰ (HbA1c) ਨੂੰ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਸਹਿਮਤ ਕੀਤੇ ਗਏ ਪੱਧਰਾਂ ‘ਤੇ ਰੱਖੋ
- ਇਹ ਜਾਂਚ ਕਰਨ ਲਈ ਕਿ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਨਹੀਂ ਹੈ ਨਿਯਮਿਤ ਰੂਪ ਵਿੱਚ ਆਪਣੀ ਸਿਹਤ-ਸੰਭਾਲ ਟੀਮ ਨੂੰ ਮਿਲੋ
- ਆਪਣੀਆਂ ਖੂਨ ਵਿਚਲੀ ਚਰਬੀਆਂ (ਕਲੈਸਟ੍ਰੋਲ) ਨੂੰ ਆਪਣੀ ਸਿਹਤ-ਸੰਭਾਲ ਟੀਮ ਦੇ ਨਾਲ ਸਹਿਮਤ ਕੀਤੇ ਗਏ ਪੱਧਰਾਂ ‘ਤੇ ਰੱਖੋ
- ਜੇ ਤੁਸੀਂ ਨਜ਼ਰ ਵਿੱਚ ਕੋਈ ਨਵੀਆਂ ਸਮੱਸਿਆਵਾਂ ਦੇਖਦੇ ਹੋ ਤਾਂ ਪੇਸ਼ਾਵਰ ਸਲਾਹ ਲਵੋ
- ਸਿਹਤਮੰਦ ਅਤੇ ਸੰਤੁਲਿਤ ਖੁਰਾਕ ਖਾਓ
- ਜੇ ਤੁਹਾਡਾ ਭਾਰ ਵੱਧ ਹੈ ਤਾਂ ਵਾਧੂ ਭਾਰ ਘਟਾਓ
- ਆਪਣੀ ਦਵਾਈਆਂ ਤਜਵੀਜ਼ ਕੀਤੇ ਅਨੁਸਾਰ ਲਵੋ
- ਨਿਯਮਿਤ ਤੌਰ ‘ਤੇ ਕਸਰਤ ਕਰੋ
- ਜੇ ਤੁਸੀਂ ਤਮਾਕੂਨੋਸ਼ੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਘਟਾਓ ਜਾਂ ਬੰਦ ਕਰੋ
ਯਾਦ ਰੱਖੋ, ਤੁਹਾਨੂੰ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਵਾਸਤੇ ਅਪਾਇੰਟਮੈਂਟ ਦੇ ਨਾਲ-ਨਾਲ ਅੱਖਾਂ ਦੇ ਆਮ ਮੁਆਇਨੇ ਲਈ ਨਿਯਮਿਤ ਰੂਪ ਵਿੱਚ ਆਪਣੇ ਆਪਟੀਸ਼ਿਅਨ (ਅੱਖਾਂ ਦੇ ਮਾਹਰ) ਕੋਲ ਜਾਣਾ ਵੀ ਜਾਰੀ ਰੱਖਣਾ ਚਾਹੀਦਾ ਹੈ।
7. ਵਧੇਰੇ ਜਾਣਕਾਰੀ
ਤੁਹਾਨੂੰ ਵਧੇਰੇ ਜਾਣਕਾਰੀ ਇਸ ਵੈੱਬਸਾਈਟ ਤੋਂ ਮਿਲ ਸਕਦੀ ਹੈ:
ਇਹ ਪਤਾ ਲਗਾਓ ਕਿ ਪਬਲਿਕ ਹੈਲਥ ਇੰਗਲੈਂਡ ਅਤੇ NHS ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਰੱਖਿਆ ਕਿਵੇਂ ਕਰਦੇ ਹਨ।।
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਹੋਣ ਦੀ ਚੋਣ ਕਿਵੇਂ ਕਰਨੀ ਹੈ।