ਅਟੈਚਮੈਂਟ ਦਾ ਸਿਰਲੇਖ: ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ (AAA) ਦੀ ਸਕ੍ਰੀਨਿੰਗ, 65 ਸਾਲ ਅਤੇ ਵੱਧ ਉਮਰ ਦੇ ਮਰਦਾਂ ਲਈ ਮੁਫ਼ਤ ਜਾਂਚ (Punjabi)
ਅੱਪਡੇਟ ਕੀਤਾ 3 ਜੁਲਾਈ 2024
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।

ਮਰਦ ਦੇ ਧੜ ਦਾ ਚਿੱਤਰ ਜੋ ਛਾਤੀ, ਦਿਲ, ਐਨਿਉਰਿਜ਼ਮ ਵਾਲੀ ਏਓਰਟਾ (ਮਹਾਧਮਣੀ) ਅਤੇ ਪੇਟ ਦਿਖਾਉਂਦਾ ਹੈ।
1. ਸੰਖੇਪ ਜਾਣਕਾਰੀ
ਇਹ ਲੀਫਲੈਟ 65 ਸਾਲ ਅਤੇ ਵੱਧ ਉਮਰ ਦੇ ਮਰਦਾਂ ਲਈ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ (ਇਸ ਨੂੰ Abdominal Aortic Aneurysm ਜਾਂ AAA ਸਕ੍ਰੀਨਿੰਗ ਵੀ ਕਿਹਾ ਜਾਂਦਾ ਹੈ) ਬਾਰੇ ਜਾਣਕਾਰੀ ਦਿੰਦਾ ਹੈ।
ਇਹ ਵਿਆਖਿਆ ਕਰਦਾ ਹੈ ਕਿ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ (AAA) ਕੀ ਹੈ ਅਤੇ ਜਦੋਂ ਤੁਸੀਂ ਸਕ੍ਰੀਨਿੰਗ ਵਾਸਤੇ ਜਾਂਦੇ ਹੋ ਤਾਂ ਕੀ ਹੁੰਦਾ ਹੈ। ਇਹ ਤੁਹਾਡੀ ਇਸ ਬਾਰੇ ਫੈਸਲਾ ਕਰਨ ਵਿੱਚ ਮਦਦ ਕਰੇਗਾ ਕਿ ਕੀ ਤੁਹਾਨੂੰ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ।
AAA ਸਕ੍ਰੀਨਿੰਗ ਜਾਂਚ ਇੱਕ ਸਰਲ ਮੁਫਤ ਅਲਟ੍ਰਾਸਾਉਂਡ ਜਾਂਚ ਹੈ।
2. ਅਸੀਂ ਕਿਸਦੀ ਸਕ੍ਰੀਨਿੰਗ ਕਰਦੇ ਹਾਂ
NHS ਸਾਰੇ ਮਰਦਾਂ ਨੂੰ ਉਸ ਸਾਲ ਵਿੱਚ ਸਕ੍ਰੀਨਿੰਗ ਲਈ ਬੁਲਾਉਂਦਾ ਹੈ ਜਿਸ ਸਾਲ ਉਹ 65 ਸਾਲ ਦੇ ਹੋ ਜਾਂਦੇ ਹਨ।
3. 65 ਸਾਲ ਤੋਂ ਵੱਧ ਉਮਰ ਦੇ ਮਰਦ
ਉਹ ਮਰਦ ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ ਅਤੇ ਜਿਨ੍ਹਾਂ ਦੀ ਪਹਿਲਾਂ ਸਕ੍ਰੀਨਿੰਗ ਨਹੀਂ ਕੀਤੀ ਗਈ ਹੈ, ਜਾਂਚ ਦਾ ਪ੍ਰਬੰਧ ਕਰਨ ਲਈ ਆਪਣੀ ਸਥਾਨਕ ਸੇਵਾ ਨਾਲ ਸੰਪਰਕ ਕਰ ਸਕਦੇ ਹਨ।
4. ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ
ਏਓਰਟਾ (ਮਹਾਧਮਣੀ) ਤੁਹਾਡੇ ਸਰੀਰ ਨੂੰ ਖੂਨ ਪਹੁੰਚਾਉਣ ਵਾਲੀ ਖੂਨ ਦੀ ਮੁੱਖ ਨਾੜੀ ਹੈ। ਇਹ ਤੁਹਾਡੇ ਦਿਲ ਤੋਂ ਹੇਠਾਂ ਤੁਹਾਡੀ ਛਾਤੀ ਅਤੇ ਪੇਟ ਵਿੱਚੋਂ ਦੀ ਹੋ ਕੇ ਜਾਂਦੀ ਹੈ।
ਕੁਝ ਲੋਕਾਂ ਵਿੱਚ, ਜਿਵੇਂ-ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ, ਪੇਟ ਵਿੱਚ ਏਓਰਟਾ ਦੀ ਕੰਧ ਕਮਜ਼ੋਰ ਹੋ ਸਕਦੀ ਹੈ। ਉਸ ਤੋਂ ਬਾਅਦ ਇਹ ਫੈਲਣਾ ਸ਼ੁਰੂ ਕਰ ਸਕਦੀ ਹੈ ਅਤੇ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਬਣ ਜਾਂਦੀ ਹੈ।
ਇਹ ਸਮੱਸਿਆ 65 ਸਾਲ ਅਤੇ ਵੱਧ ਉਮਰ ਦੇ ਮਰਦਾਂ ਵਿੱਚ ਸਭ ਤੋਂ ਵੱਧ ਆਮ ਹੁੰਦੀ ਹੈ।

ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦਾ ਵਿਕਾਸ। ਮਰਦ ਦੇ ਧੜ ਦੇ ਦੋ ਚਿੱਤਰ, ਪਹਿਲਾ ਪੇਟ ਦੀ ਆਮ ਮਹਾਧਮਣੀ ਅਤੇ ਦੂਜਾ ਐਨਿਉਰਿਜ਼ਮ ਵਾਲੀ ਮਹਾਧਮਣੀ ਦਿਖਾਉਂਦਾ ਹੈ।
5. ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦੇ ਸੰਭਾਵੀ ਜੋਖਮ
ਵੱਡੇ ਐਨਿਉਰਿਜ਼ਮ ਵਿਰਲੇ ਹੁੰਦੇ ਹਨ ਪਰ ਉਹ ਗੰਭੀਰ ਹੋ ਸਕਦੇ ਹਨ। ਜਿਵੇਂ-ਜਿਵੇਂ ਏਓਰਟਾ ਦੀ ਕੰਧ ਫੈਲਦੀ ਹੈ, ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਫੱਟ ਸਕਦੀ ਹੈ, ਜਿਸਦੇ ਕਾਰਨ ਸਰੀਰ ਅੰਦਰ ਖੂਨ ਵੱਗ ਸਕਦਾ ਹੈ। ਜਦੋਂ ਐਨਿਉਰਿਜ਼ਮ ਫੱਟਦਾ ਹੈ ਤਾਂ 100 ਵਿੱਚੋਂ ਲਗਭਗ 85 ਲੋਕਾਂ ਦੀ ਮੌਤ ਹੋ ਜਾਂਦੀ ਹੈ।
ਜਿਹੜੀ ਏਓਰਟਾ ਥੋੜ੍ਹੀ ਜਿਹੀ ਵੱਡੀ ਹੋਈ ਹੁੰਦੀ ਹੈ, ਉਹ ਖਤਰਨਾਕ ਨਹੀਂ ਹੁੰਦੀ। ਪਰ, ਜੇ ਮਹਾਧਮਣੀ ਦਾ ਆਕਾਰ 3 ਸੈਂਟੀਮੀਟਰ ਤੋਂ 5.4 ਸੈਂਟੀਮੀਟਰ ਦੇ ਵਿਚਕਾਰ ਹੈ, ਤਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਇਹ ਦੇਖਣ ਲਈ ਜਾਂਚ ਕਰਦੇ ਰਹੀਏ ਕਿ ਕੀ ਇਹ ਵੱਡੀ ਹੋ ਰਹੀ ਹੈ।
6. ਸਕ੍ਰੀਨਿੰਗ ਦੇ ਫਾਇਦੇ
ਜੇ ਤੁਹਾਨੂੰ ਐਨਿਉਰਿਜ਼ਮ ਹੈ ਤਾਂ ਆਮ ਤੌਰ ‘ਤੇ ਤੁਸੀਂ ਕੋਈ ਲੱਛਣ ਮਹਿਸੂਸ ਨਹੀਂ ਕਰੋਗੇ। ਇਸਦਾ ਮਤਲਬ ਹੈ ਕਿ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਕੀ ਤੁਹਾਨੂੰ ਐਨਿਉਰਿਜ਼ਮ ਹੈ, ਤੁਸੀਂ ਕੋਈ ਦਰਦ ਮਹਿਸੂਸ ਨਹੀਂ ਕਰੋਗੇ ਅਤੇ ਸ਼ਾਇਦ ਕੁਝ ਵੀ ਵੱਖਰਾ ਮਹਿਸੂਸ ਨਹੀਂ ਕਰੋਗੇ।
ਅਸੀਂ ਸਕ੍ਰੀਨਿੰਗ ਪੇਸ਼ ਕਰਦੇ ਹਾਂ ਤਾਂ ਜੋ ਅਸੀਂ ਐਨਿਉਰਿਜ਼ਮ ਦਾ ਜਲਦੀ ਪਤਾ ਲਗਾ ਸਕੀਏ ਅਤੇ ਉਸ ਦੀ ਨਿਗਰਾਨੀ ਜਾਂ ਉਸ ਦਾ ਇਲਾਜ ਕਰ ਸਕੀਏ। ਇਸ ਨਾਲ ਐਨਿਉਰਿਜ਼ਮ ਦੇ ਕਾਰਨ ਗੰਭੀਰ ਸਮੱਸਿਆਵਾਂ ਹੋਣ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਘੱਟ ਜਾਂਦੀਆਂ ਹਨ।
ਕੀ ਤੁਹਾਨੂੰ ਐਨਿਉਰਿਜ਼ਮ ਹੈ, ਇਸ ਬਾਰੇ ਜਾਣਨ ਦਾ ਸਭ ਤੋਂ ਆਸਾਨ ਤਰੀਕਾ ਹੈ ਆਪਣੇ ਪੇਟ ਦਾ ਅਲਟ੍ਰਾਸਾਉਂਡ ਕਰਵਾਉਣਾ।
ਸਕ੍ਰੀਨ ਕੀਤੇ ਗਏ 92 ਵਿੱਚੋਂ ਲਗਭਗ 1 ਮਰਦ ਨੂੰ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੁੰਦਾ ਹੈ।
7. ਜੋਖਮ ਦੇ ਕਾਰਕ
ਔਰਤਾਂ ਦੀ ਤੁਲਨਾ ਵਿੱਚ ਮਰਦਾਂ ਨੂੰ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੋਣ ਦੀ 6 ਗੁਣਾ ਜ਼ਿਆਦਾ ਸੰਭਾਵਨਾ ਹੁੰਦੀ ਹੈ, ਜਿਸ ਕਰਕੇ ਔਰਤਾਂ ਨੂੰ ਇਹ ਸਕ੍ਰੀਨਿੰਗ ਪੇਸ਼ ਨਹੀਂ ਕੀਤੀ ਜਾਂਦੀ ਹੈ। ਐਨਿਉਰਿਜ਼ਮ ਹੋਣ ਦੀ ਸੰਭਾਵਨਾ ਉਮਰ ਨਾਲ ਵੱਧ ਜਾਂਦੀ ਹੈ।
ਤੁਹਾਨੂੰ ਪੇਟ ਵਿਚਲਾ ਐਨਿਉਰਿਜ਼ਮ ਹੋਣ ਦੀ ਸੰਭਾਵਨਾ ਤਾਂ ਵੀ ਵੱਧ ਸਕਦੀ ਹੈ ਜੇ:
- ਤੁਸੀਂ ਤਮਾਕੂਨੋਸ਼ੀ ਕਰਦੇ ਹੋ ਜਾਂ ਕਦੇ ਕੀਤੀ ਹੈ
- ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ
- ਤੁਹਾਡੇ ਭਰਾ, ਭੈਣ ਜਾਂ ਮਾਤਾ/ਪਿਤਾ ਨੂੰ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੈ, ਜਾਂ ਹੋਇਆ ਸੀ
8. AAA ਸਕ੍ਰੀਨਿੰਗ ਜਾਂਚ
ਅਸੀਂ ਇੱਕ ਸਰਲ ਅਲਟ੍ਰਾਸਾਉਂਡ ਸਕੈਨ ਦੀ ਵਰਤੋਂ ਕਰਦੇ ਹਾਂ, ਇਹ ਗਰਭਵਤੀ ਔਰਤਾਂ ਨੂੰ ਪੇਸ਼ ਕੀਤੇ ਜਾਂਦੇ ਸਕੈਨ ਵਰਗਾ ਹੁੰਦਾ ਹੈ। ਇਹ ਬਹੁਤ ਜਲਦੀ ਹੋ ਜਾਂਦਾ ਹੈ ਅਤੇ ਆਮ ਤੌਰ ‘ਤੇ ਇਸ ਵਿੱਚ 10 ਮਿੰਟ ਲਗਦੇ ਹਨ।
ਕਲੀਨਿਕ ਵਿੱਚ ਅਸੀਂ ਤੁਹਾਡੇ ਨਿੱਜੀ ਵੇਰਵਿਆਂ ਦੀ ਜਾਂਚ ਕਰਾਂਗੇ, ਸਕੈਨ ਦੀ ਵਿਆਖਿਆ ਕਰਾਂਗੇ ਅਤੇ ਤੁਹਾਨੂੰ ਕੋਈ ਵੀ ਪ੍ਰਸ਼ਨ ਪੁੱਛਣ ਦਾ ਮੌਕਾ ਦੇਵਾਂਗੇ।
ਅਸੀਂ ਤੁਹਾਨੂੰ ਲੇਟਣ ਅਤੇ ਆਪਣੀ ਕਮੀਜ਼ ਨੂੰ ਉੱਪਰ ਚੁੱਕਣ ਜਾਂ ਇਸਦੇ ਬਟਨ ਖੋਲ੍ਹਣ ਲਈ ਕਹਾਂਗੇ। ਤੁਹਾਨੂੰ ਕੱਪੜੇ ਉਤਾਰਨ ਦੀ ਲੋੜ ਨਹੀਂ ਹੋਵੇਗੀ। ਅਸੀਂ ਤੁਹਾਡੇ ਪੇਟ ‘ਤੇ ਇੱਕ ਠੰਡੀ ਜੈਲ ਲਗਾਵਾਂਗੇ।
ਉਸ ਤੋਂ ਬਾਅਦ ਅਸੀਂ ਸਕੈਨਿੰਗ ਸੈਂਸਰ ਨੂੰ ਤੁਹਾਡੇ ਪੇਟ ‘ਤੇ ਉੱਪਰ ਫਿਰਾਵਾਂਗੇ। ਸਕੈਨ ਕਾਰਨ ਸਕ੍ਰੀਨ ‘ਤੇ ਏਓਰਟਾ ਦੀ ਤਸਵੀਰ ਦਿਖਾਈ ਦੇਵੇਗੀ ਅਤੇ ਅਸੀਂ ਇਸ ਦਾ ਨਾਪ ਲਵਾਂਗੇ।
ਅਸੀਂ ਤੁਹਾਨੂੰ ਉਸੇ ਵੇਲੇ ਤੁਹਾਡਾ ਨਤੀਜਾ ਦੱਸ ਦੇਵਾਂਗੇ ਅਤੇ ਤੁਹਾਡੀ ਜੀਪੀ ਪ੍ਰੈਕਟਿਸ ਨੂੰ ਵੀ ਇੱਕ ਕਾਪੀ ਭੇਜਾਂਗੇ।
9. ਤੁਹਾਡੀ ਨਿੱਜੀ ਜਾਣਕਾਰੀ
ਇੱਕ ਸੁਰੱਖਿਅਤ ਅਤੇ ਪ੍ਰਭਾਵੀ ਸੇਵਾ ਮੁਹੱਈਆ ਕਰਨ ਲਈ NHS AAA ਸਕ੍ਰੀਨਿੰਗ ਪ੍ਰੋਗਰਾਮ ਨੂੰ ਤੁਹਾਡੇ ਡੇਟਾ ‘ਤੇ ਪ੍ਰਕਿਰਿਆ ਕਰਨ ਦੀ ਲੋੜ ਹੁੰਦੀ ਹੈ।
ਕਾਨੂੰਨੀ ਤੌਰ ‘ਤੇ, NHS ਵਿੱਚ, ਜਾਂ ਇਸ ਦੇ ਵੱਲੋਂ ਕੰਮ ਕਰ ਰਹੇ ਹਰ ਇੱਕ ਵਿਅਕਤੀ ਨੂੰ ਤੁਹਾਡੀ ਗੁਪਤਤਾ ਦਾ ਲਿਹਾਜ਼ ਕਰਨਾ ਅਤੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। NHS ਦੇ ਸੰਵਿਧਾਨ ਵਿੱਚ ਦੱਸਿਆ ਗਿਆ ਹੈ ਕਿ ਤੁਹਾਡੀ ਗੁਪਤਤਾ ਦੀ ਰੱਖਿਆ ਕਰਨ ਲਈ NHS ਨੂੰ ਤੁਹਾਡੇ ਰਿਕਾਰਡਾਂ ‘ਤੇ ਕਿਵੇਂ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਕਾਨੂੰਨ ਹਨ ਕਿ ਗੁਪਤਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ।
NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ ਬਾਰੇ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾਵੇ। ਪਬਲਿਕ ਹੈਲਥ ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਪੱਕਾ ਕਰਨ ਲਈ ਵੀ ਲਈ ਕਰਦਾ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ। ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ] ਬਾਰੇ ਵਧੇਰੇ ਜਾਣਕਾਰੀ ਲਵੋ।.
ਪਤਾ ਕਰੋ ਕਿ [ਸਕ੍ਰੀਨਿੰਗ ਤੋਂ ਬਾਹਰ ਹੋਣ] ਦੀ ਚੋਣ ਕਿਵੇਂ ਕਰਨੀ ਹੈ।.
10. ਸਕ੍ਰੀਨਿੰਗ ਦੇ ਸੰਭਾਵੀ ਨਤੀਜੇ
4 ਸੰਭਾਵੀ ਨਤੀਜੇ ਹੁੰਦੇ ਹਨ: 1. ਕੋਈ ਐਨਿਉਰਿਜ਼ਮ ਨਹੀਂ ਮਿਲਿਆ 2. ਛੋਟਾ ਐਨਿਉਰਿਜ਼ਮ 3. ਦਰਮਿਆਨਾ ਐਨਿਉਰਿਜ਼ਮ 4. ਵੱਡਾ ਐਨਿਉਰਿਜ਼ਮ
10.1 ਕੋਈ ਐਨਿਉਰਿਜ਼ਮ ਨਹੀਂ ਮਿਲਿਆ
ਜੇ ਤੁਹਾਡੀ ਏਓਰਟਾ 3 ਸੈਂਟੀਮੀਟਰ ਤੋਂ ਘੱਟ ਚੌੜੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕੋਈ ਐਨਿਉਰਿਜ਼ਮ ਨਹੀਂ ਹੈ। ਜ਼ਿਆਦਾਤਰ ਮਰਦਾਂ ਦਾ ਇਹ ਨਤੀਜਾ ਹੁੰਦਾ ਹੈ। ਉਸ ਤੋਂ ਬਾਅਦ ਕਿਸੇ ਇਲਾਜ ਜਾਂ ਨਿਗਰਾਨੀ ਦੀ ਲੋੜ ਨਹੀਂ ਹੁੰਦੀ। ਅਸੀਂ ਤੁਹਾਨੂੰ ਦੁਬਾਰਾ AAA ਸਕ੍ਰੀਨਿੰਗ ਲਈ ਨਹੀਂ ਬੁਲਾਵਾਂਗੇ।
10.2 ਛੋਟਾ ਐਨਿਉਰਿਜ਼ਮ
ਜੇ ਤੁਹਾਡੀ ਏਓਰਟਾ ਦੀ ਚੌੜਾਈ 3 ਸੈਂਟੀਮੀਟਰ ਅਤੇ 4.4 ਸੈਂਟੀਮੀਟਰ ਦੇ ਵਿਚਕਾਰ ਹੈ, ਤਾਂ ਤੁਹਾਨੂੰ ਛੋਟਾ ਐਨਿਉਰਿਜ਼ਮ ਹੈ। ਅਸੀਂ ਛੋਟੇ ਐਨਿਉਰਿਜ਼ਮ ਵਾਲੇ ਮਰਦਾਂ ਨੂੰ ਹਰ 12 ਮਹੀਨਿਆਂ ਬਾਅਦ ਸਕੈਨ ਲਈ ਬੁਲਾਉਂਦੇ ਹਾਂ ਤਾਂ ਜੋ ਜਾਂਚ ਕੀਤੀ ਜਾ ਸਕੇ ਕਿ ਕੀ ਇਹ ਵੱਡਾ ਹੋ ਰਿਹਾ ਹੈ।
10.3 ਦਰਮਿਆਨਾ ਐਨਿਉਰਿਜ਼ਮ
ਜੇ ਤੁਹਾਡੀ ਏਓਰਟਾ ਦੀ ਚੌੜਾਈ 4.5 ਸੈਂਟੀਮੀਟਰ ਅਤੇ 5.4 ਸੈਂਟੀਮੀਟਰ ਦੇ ਵਿਚਕਾਰ ਹੈ, ਤਾਂ ਤੁਹਾਨੂੰ ਦਰਮਿਆਨਾ ਐਨਿਉਰਿਜ਼ਮ ਹੈ। ਅਸੀਂ ਦਰਮਿਆਨੇ ਐਨਿਉਰਿਜ਼ਮ ਵਾਲੇ ਮਰਦਾਂ ਨੂੰ ਹਰ 3 ਮਹੀਨਿਆਂ ਬਾਅਦ ਸਕੈਨ ਲਈ ਬੁਲਾਉਂਦੇ ਹਾਂ ਤਾਂ ਜੋ ਜਾਂਚ ਕੀਤੀ ਜਾ ਸਕੇ ਕਿ ਕੀ ਇਹ ਵੱਡਾ ਹੋ ਰਿਹਾ ਹੈ।
10.4 ਵੱਡਾ ਐਨਿਉਰਿਜ਼ਮ
ਜੇ ਤੁਹਾਡੀ ਏਓਰਟਾ ਦੀ ਚੌੜਾਈ 5.5 ਸੈਂਟੀਮੀਟਰ ਜਾਂ ਵੱਧ ਹੈ, ਤਾਂ ਤੁਹਾਨੂੰ ਵੱਡਾ ਐਨਿਉਰਿਜ਼ਮ ਹੈ। ਸਕ੍ਰੀਨ ਕੀਤੇ ਗਏ 1,000 ਵਿੱਚੋਂ ਸਿਰਫ ਲਗਭਗ 1 ਮਰਦ ਨੂੰ ਵੱਡਾ ਐਨਿਉਰਿਜ਼ਮ ਹੁੰਦਾ ਹੈ। ਅਸੀਂ ਵੱਡੇ ਐਨਿਉਰਿਜ਼ਮ ਵਾਲੇ ਮਰਦਾਂ ਨੂੰ ਹੋਰ ਸਕੈਨ ਕਰਵਾਉਣ ਅਤੇ ਸੰਭਾਵੀ ਇਲਾਜ, ਜੋ ਕਿ ਆਮ ਤੌਰ ‘ਤੇ ਇੱਕ ਆਪਰੇਸ਼ਨ ਹੁੰਦਾ ਹੈ, ਬਾਰੇ ਗੱਲ ਕਰਨ ਲਈ ਸਪੈਸ਼ਲਿਸਟ ਟੀਮ ਨਾਲ ਅਪਾਇੰਟਮੈਂਟ ਦਿੰਦੇ ਹਾਂ।
11. ਛੋਟੇ ਜਾਂ ਦਰਮਿਆਨੇ ਐਨਿਉਰਿਜ਼ਮ ਦੀ ਨਿਗਰਾਨੀ ਕਰਨੀ
ਜੇ ਤੁਹਾਨੂੰ ਛੋਟਾ ਜਾਂ ਦਰਮਿਆਨਾ ਐਨਿਉਰਿਜ਼ਮ ਹੈ ਤਾਂ ਇਸ ਪੜਾਅ ‘ਤੇ ਤੁਹਾਡਾ ਇਲਾਜ ਨਹੀਂ ਕੀਤਾ ਜਾਵੇਗਾ। ਪਰ, ਐਨਿਉਰਿਜ਼ਮ ਦੇ ਆਕਾਰ ਦੀ ਨਿਗਰਾਨੀ ਕਰਨੀ ਮਹੱਤਵਪੂਰਨ ਹੈ ਕਿਉਂਕਿ ਜੇ ਇਹ ਵੱਧਦਾ ਹੈ ਤਾਂ ਤੁਹਾਨੂੰ ਸ਼ਾਇਦ ਇਲਾਜ ਦੀ ਲੋੜ ਪੈ ਸਕਦੀ ਹੈ। ਜ਼ਿਆਦਾਤਰ ਐਨਿਉਰਿਜ਼ਮ ਬਹੁਤ ਹੌਲੀ-ਹੌਲੀ ਵੱਡਾ ਹੁੰਦਾ ਹੈ, ਇਸ ਲਈ ਛੋਟੇ ਜਾਂ ਦਰਮਿਆਨੇ ਐਨਿਉਰਿਜ਼ਮ ਵਾਲੇ ਕਈ ਮਰਦਾਂ ਨੂੰ ਕਦੇ ਵੀ ਇਲਾਜ ਦੀ ਲੋੜ ਨਹੀਂ ਪਵੇਗੀ।
ਜੇ ਤੁਹਾਨੂੰ ਛੋਟਾ ਐਨਿਉਰਿਜ਼ਮ ਹੈ ਤਾਂ ਅਸੀਂ ਤੁਹਾਨੂੰ ਹਰ ਸਾਲ ਅਤੇ ਜੇ ਤੁਹਾਨੂੰ ਦਰਮਿਆਨਾ ਐਨਿਉਰਿਜ਼ਮ ਹੈ ਤਾਂ ਹਰ 3 ਮਹੀਨਿਆਂ ‘ਤੇ ਸਕੈਨ ਲਈ ਬੁਲਾਵਾਂਗੇ।
ਅਸੀਂ ਤੁਹਾਨੂੰ ਐਨਿਉਰਿਜ਼ਮ ਦੇ ਵੱਡਾ ਹੋਣ ਦੀ ਸੰਭਾਵਨਾ ਨੂੰ ਘਟਾਉਣ ਲਈ ਸਲਾਹ ਦੇਵਾਂਗੇ। ਹੋ ਸਕਦਾ ਹੈ ਕਿ ਤੁਹਾਡੀ ਜੀਪੀ ਪ੍ਰੈਕਟਿਸ ਤੁਹਾਨੂੰ ਗੋਲੀਆਂ ਦੇਣਾ ਜਾਂ ਤੁਹਾਡੀ ਵਰਤਮਾਨ ਦਵਾਈ ਦੀ ਸਮੀਖਿਆ ਕਰਨਾ ਚਾਹੇ। ਉਹ ਤੁਹਾਡੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕਰਨਾ ਚਾਹ ਸਕਦੇ ਹਨ।
12. ਵੱਡੇ ਐਨਿਉਰਿਜ਼ਮ ਦਾ ਇਲਾਜ ਕਰਨਾ
ਜੇ ਸਾਨੂੰ ਵੱਡੇ ਐਨਿਉਰਿਜ਼ਮ ਦਾ ਪਤਾ ਲਗਦਾ ਹੈ, ਤਾਂ ਅਸੀਂ ਤੁਹਾਨੂੰ ਇੱਕ ਮਾਹਰ ਟੀਮ ਕੋਲ ਭੇਜਾਂਗੇ। ਉਹ ਕੁਝ ਹੋਰ ਟੈਸਟ ਕਰਨਗੇ ਅਤੇ ਇੱਕ ਮਾਹਰ ਤੁਹਾਡੇ ਨਾਲ ਸੰਭਾਵੀ ਇਲਾਜਾਂ ‘ਤੇ ਚਰਚਾ ਕਰੇਗਾ। ਇਹ ਆਮ ਤੌਰ ‘ਤੇ ਇੱਕ ਆਪਰੇਸ਼ਨ ਹੁੰਦਾ ਹੈ, ਜੋ, ਜੇ ਤੁਸੀਂ ਇਹ ਕਰਵਾਉਣ ਦਾ ਫੈਸਲਾ ਕਰਦੇ ਹੋ ਤਾਂ ਅਕਸਰ ਕੁਝ ਹਫਤਿਆਂ ਦੇ ਅੰਦਰ ਕੀਤਾ ਜਾਂਦਾ ਹੈ।
ਜਿਸ ਦੌਰਾਨ ਵੱਡੇ AAA ਦਾ ਇਲਾਜ ਕੀਤਾ ਜਾਂਦਾ ਹੈ, ਤੁਹਾਨੂੰ ਡ੍ਰਾਈਵਿੰਗ ਬੰਦ ਕਰਨ ਅਤੇ ਸਿਹਤ ਨਾਲ ਸਬੰਧਤ ਬੀਮੇ, ਜਿਵੇਂ ਯਾਤਰਾ ਬੀਮੇ, ਦੀ ਜਾਂਚ ਕਰਨ ਦੀ ਲੋੜ ਹੋ ਸਕਦੀ ਹੈ।
ਸਕ੍ਰੀਨਿੰਗ ਦੁਆਰਾ ਪਤਾ ਲੱਗੇ ਐਨਿਉਰਿਜ਼ਮ ਲਈ ਇਲਾਜ ਆਮ ਤੌਰ ‘ਤੇ ਬਹੁਤ ਪ੍ਰਭਾਵੀ ਹੁੰਦਾ ਹੈ। ਇਲਾਜ ਦੇ ਜੋਖਮ ਹੁੰਦੇ ਹਨ ਜਿਨ੍ਹਾਂ ਬਾਰੇ ਮਾਹਰ ਦੁਆਰਾ ਤੁਹਾਨੂੰ ਵਿਸਤਾਰ ਵਿੱਚ ਸਮਝਾਇਆ ਜਾਵੇਗਾ।
ਵੱਡੇ ਐਨਿਉਰਿਜ਼ਮ ਵਾਲੇ ਹਰੇਕ ਵਿਅਕਤੀ ਦਾ ਆਪਰੇਸ਼ਨ ਨਹੀਂ ਕੀਤਾ ਜਾਵੇਗਾ।
13. ਸਕ੍ਰੀਨਿੰਗ ਦੇ ਜੋਖਮ
ਸਕੈਨ ਦਾ ਕੋਈ ਜੋਖਮ ਨਹੀਂ ਹੁੰਦਾ ਹੈ।
ਪਰ, ਸਕ੍ਰੀਨ ਕੀਤੇ ਗਏ ਹਰ 10,000 ਮਰਦਾਂ ਵਿੱਚੋਂ ਲਗਭਗ 41 ਦੀ ਆਖਰਕਾਰ ਐਨਿਉਰਿਜ਼ਮ ਦਾ ਇਲਾਜ ਕਰਨ ਵਾਸਤੇ ਸਰਜਰੀ ਹੋਵੇਗੀ। ਔਸਤਨ, ਇਹਨਾਂ 41 ਵਿੱਚੋਂ 1 ਮਰਦ ਆਪਰੇਸ਼ਨ ਤੋਂ ਬਾਅਦ ਨਹੀਂ ਬਚੇਗਾ ਪਰ ਇਹ ਵੀ ਸੰਭਵ ਹੈ ਕਿ ਜੇ ਇਲਾਜ ਨਾ ਕੀਤਾ ਜਾਂਦਾ ਤਾਂ ਉਸਦਾ ਐਨਿਉਰਿਜ਼ਮ ਕਦੇ ਵੀ ਨਾ ਫੱਟਦਾ।
ਸਕ੍ਰੀਨਿੰਗ ਨਾਲ ਐਨਿਉਰਿਜ਼ਮ ਦੇ ਫਟਣ ਦਾ ਜੋਖਮ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਹੈ, ਪਰ ਇਹ ਇਸ ਸਮੱਸਿਆ ਤੋਂ ਬਚਾਅ ਦਾ ਬਿਤਹਰੀਨ ਤਰੀਕਾ ਹੈ।
14. ਹੋਰ ਸਮੱਸਿਆਵਾਂ
ਸਕ੍ਰੀਨਿੰਗ ਸਿਰਫ ਇਹ ਦੇਖਣ ਲਈ ਹੈ ਕਿ ਕੀ ਤੁਹਾਨੂੰ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੈ। ਇਹ ਦੂਜੀਆਂ ਸਮੱਸਿਆਵਾਂ ਨੂੰ ਨਹੀਂ ਦੇਖਦਾ ਹੈ। ਜੇ ਤੁਸੀਂ ਕਿਸੇ ਵੀ ਡਾਕਟਰੀ ਸਮੱਸਿਆ ਬਾਰੇ ਫਿਕਰਮੰਦ ਹੋ ਤਾਂ ਤੁਹਾਨੂੰ ਆਪਣੀ ਜੀਪੀ ਪ੍ਰੈਕਟਿਸ ਨਾਲ ਗੱਲ ਕਰਨੀ ਚਾਹੀਦੀ ਹੈ।
15. ਸਕ੍ਰੀਨਿੰਗ ਟੈਸਟ ਦੀ ਸਟੀਕਤਾ
ਐਨਿਉਰਿਜ਼ਮ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਸਕੈਨ ਬਹੁਤ ਭਰੋਸੇਮੰਦ ਹੁੰਦਾ ਹੈ। ਕੋਈ ਵੀ ਸਕ੍ਰੀਨਿੰਗ ਟੈਸਟ ਪੂਰੀ ਤਰ੍ਹਾਂ ਪ੍ਰਭਾਵੀ ਨਹੀਂ ਹੋ ਸਕਦਾ ਪਰ ਕਿਸੇ ਮਰਦ ਲਈ ਇਹ ਗੱਲ ਬਹੁਤ ਦੁਰਲੱਭ ਹੈ ਕਿ ਸਕ੍ਰੀਨਿੰਗ ਵਿੱਚ ਕਿਸੇ ਐਨਿਉਰਿਜ਼ਮ ਦਾ ਪਤਾ ਨਾ ਲੱਗਣ ‘ਤੇ ਵੱਡਾ ਐਨਿਉਰਿਜ਼ਮ ਹੋ ਜਾਵੇ।
ਕਦੇ-ਕਦੇ ਸਕੈਨ ਕਰਨ ਵਾਲਾ ਵਿਅਕਤੀ ਏਓਰਟਾ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੇਖ ਸਕੇਗਾ। ਇਹ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਅਤੇ ਉਹ ਤੁਹਾਨੂੰ ਦੂਜਾ ਸਕੈਨ ਕਰਵਾਉਣ ਲਈ ਕਹਿਣਗੇ, ਜੋ ਆਮ ਤੌਰ ‘ਤੇ ਕਿਸੇ ਹੋਰ ਦਿਨ ਕੀਤਾ ਜਾਂਦਾ ਹੈ।
16. ਵਧੇਰੇ ਜਾਣਕਾਰੀ
ਜੇ ਤੁਹਾਨੂੰ ਸਕ੍ਰੀਨਿੰਗ ਲਈ ਬੁਲਾਇਆ ਗਿਆ ਹੈ, ਤਾਂ ਤੁਹਾਡੀ ਸਥਾਨਕ ਸਕ੍ਰੀਨਿੰਗ ਸੇਵਾ ਦਾ ਫੋਨ ਨੰਬਰ ਤੁਹਾਡੀ ਅਪਾਇੰਟਮੈਂਟ ਚਿੱਠੀ ‘ਤੇ ਹੈ।
ਆਪਣੀ ਸਥਾਨਕ AAA ਸਕ੍ਰੀਨਿੰਗ ਸੇਵਾ ਲਈ ਸੰਪਰਕ ਵੇਰਵੇ ਲੱਭੋ।
ਦਿ ਸਰਕੁਲੇਸ਼ਨ ਫਾਉਂਡੇਸ਼ਨ ਅਤੇ ਬ੍ਰਿਟਿਸ਼ ਹਾਰਟ ਫਾਉਂਡੇਸ਼ਨ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਸਮੇਤ, ਨਾੜੀਆਂ ਸਬੰਧੀ ਬਿਮਾਰੀਆਂ ਕਹੀਆਂ ਜਾਣ ਵਾਲੀਆਂ ਨਸਾਂ ਅਤੇ ਧਮਣੀਆਂ ਦੀਆਂ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਕਰਦੇ ਹਨ।
ਤੁਸੀਂ ਆਪਣੀ ਜੀਪੀ ਪ੍ਰੈਕਟਿਸ ਨਾਲ ਵੀ ਗੱਲ ਕਰ ਸਕਦੇ ਹੋ।